ਭਾਰਤੀ ਇਨਸਾਫ਼ - ਸਿੱਖ ਨਸਲਕੁਸ਼ੀ ਦਾ ਅਗਲਾ ਪੜਾਅ
/ਪੰਜਾਬ ਵਿਧਾਨ ਸਭਾ ਦੇ ਬੀਤੇ ਦੌਰ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਬਰਗਾੜੀ ਘਟਨਾ ਦੇ ਮਸਲੇ ਉੱਤੇ ਆਧਾਰਿਤ ਜਸਟਿਸ ਰਣਜੀਤ ਸਿੰਘ ਦੀ ਸੂਚਨਾ-ਪੱਤਰੀ ਨੂੰ ਲੈ ਕੇ ਬਾਦਲ ਦਲ ਦੀ ਕੀਤੀ ਨਿਖੇਧੀ ਉੱਤੇ ਸਿੱਖ ਜਗਤ ਵਾਹ-ਵਾਹ ਕਰ ਉੱਠਿਆ ਹੈ। ਸਤ ਘੰਟੇ ਲੰਮੇ ਚੱਲੇ ਇਸ ਦੌਰ ਵਿੱਚ ਕਾਂਗਰਸੀਆਂ ਨੇ ਬਾਦਲਾਂ ਤੋਂ ਲੈ ਕੇ 'ਜਥੇਦਾਰ' ਗੁਰਬਚਨ ਸਿਉਂ ਤੱਕ ਸਾਰੀ ਬਾਦਲ ਜੁੰਡਲ਼ੀ ਦੇ ਪੋਤੜੇ ਫੋਲੇ ਹਨ। ਇਸ ਸਾਰੀ ਸਭਾ ਦੇ ਵਿੱਚੋਂ ਆਮ ਸਿੱਖ ਬੜੇ ਆਸਵੰਦ ਨਜ਼ਰ ਆਉਣ ਲੱਗੇ ਹਨ ਪਰ ਭਾਰਤੀ ਰਾਜ ਦੇ ਪਿਛਲੇ ਵਿਹਾਰ ਅਤੇ ਸੁਭਾਅ ਨੂੰ ਵੇਖਦੇ ਹੋਏ ਇਸਦੇ ਵੱਖ-ਵੱਖ ਪਹਿਲੂਆਂ ਉੱਤੇ ਪੜਤਾਲੀਆ ਨਜ਼ਰਸਾਨੀ ਕਰਨੀ ਬਣਦੀ ਹੈ।
ਸਿੱਖਾਂ ਵੱਲੋਂ ਕੀਤੀ ਜਾਂਦੀ ਇਸ ਵਾਹ-ਵਾਹ ਦੇ ਸੰਧਰਭ ਵਿੱਚ ਇੱਕ ਟੋਟਕਾ ਯਾਦ ਆ ਗਿਆ। ਇੱਕ ਚੋਰ ਜਿਸਨੂੰ ਦੁਨੀਆ ਲਾਹਣਤਾਂ ਪਾਉਂਦੀ ਸੀ, ਜਦ ਮਰਨ ਲਗਦਾ ਤਾਂ ਆਪਣੇ ਪੁੱਤ ਨੂੰ ਆਖਦਾ ਕਿ ਪੁੱਤ ਤੂੰ ਐਸੇ ਕੰਮ ਕਰੀਂ ਕਿ ਲੋਕੀ ਆਖਣ ਕਿ ਤੇਰਾ ਪਿਓ ਚੰਗਾ ਸੀ। ਪਿਓ ਦੇ ਮਰਨ ਪਿੱਛੋਂ ਪੁੱਤ ਵੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਪਰ ਉਹ ਪਿਓ ਨੂੰ ਵੀ ਪਿੱਛੇ ਛੱਡ ਦਿੰਦਾ। ਉਹ ਕਬਰਿਸਤਾਨ 'ਚੋਂ ਮੁਰਦੇ ਕੱਢ-ਕੱਢ ਕੇ ਉਹਨਾਂ ਦੀਆਂ ਛਾਪਾਂ ਛੱਲੇ ਵੀ ਚੋਰੀ ਕਰਨ ਲੱਗ ਜਾਂਦਾ ਅਤੇ ਲੋਕੀ ਆਖਣ ਲੱਗ ਜਾਂਦੇ ਹਨ ਕਿ ਇਹਦੇ ਨਾਲ਼ੋਂ ਤਾਂ ਇਹਦਾ ਪਿਓ ਚੰਗਾ ਸੀ।
ਇਉਂ ਹੀ ਬਾਦਲ ਦੀਆਂ ਕਰਤੂਤਾਂ ਸਾਹਵੇਂ ਭਾਂਵੇ ਅੱਜ ਦੇ ਕਾਂਗਰਸੀ ਚੰਗੇ ਜਾਪਦੇ ਹਨ, ਪਰ ਰਾਜਨੀਤਕ ਰਾਜਨੀਤਕ ਹੀ ਹੁੰਦੇ ਹਨ, ਇਹਨਾਂ ਨੂੰ ਇਵੇਂ ਹੀ ਵੇਖੀਏ ਅਤੇ ਸਮਝੀਏ।
ਸਾਨੂੰ ਇਹ ਭੁਲੇਖਾ ਪੈ ਸਕਦਾ ਹੈ ਕਿ ਜਿਨ੍ਹਾਂ ਕਾਂਗਰਸੀ ਆਗੂਆਂ ਸਿੱਖਾਂ ਦੇ ਕਤਲ ਵਿੱਚ ਭਾਗੀਦਾਰੀ ਕੀਤੀ ਉਹ ਸਭ ਹੁਣ ਕਾਂਗਰਸ ਵਿੱਚ ਨਹੀਂ, ਹੁਣ ਇਸ ਵਿੱਚ ਅਸਲੋਂ ਹੀ ਨਵੇਂ ਲੋਕ ਹਨ। ਇਹ ਬੀਤੀਆਂ ਘਟਨਾਵਾਂ ਲਈ ਦੋਸ਼ੀ ਨਹੀਂ ਇਸਲਈ ਹੁਣ ਕਾਂਗਰਸ ਦਾ ਸਾਥ ਦੇਣਾ ਕੋਈ ਗ਼ਲਤ ਨਹੀਂ। ਪਰ ਇਹ ਭਰਮ ਵਿੱਚ ਨਾ ਪਈਏ ਕਿਉਂਕਿ ਇਹ ਕਾਂਗਰਸੀ ਅੱਜ ਵੀ ਗਾਂਧੀ ਨੂੰ ਬਾਪੂ, ਨਹਿਰੂ ਨੂੰ ਚਾਚਾ, ਇੰਦਰਾ ਨੂੰ ਮਾਂ, ਬੇਅੰਤੇ ਨੂੰ 'ਸ਼ਹੀਦ' ਅਤੇ ਕੇ.ਪੀ. ਗਿੱਲ ਨੂੰ 'ਸ਼ਾਂਤੀ ਮਸੀਹਾ' ਮੰਨਦੇ ਹਨ।
ਕਾਂਗਰਸ ਦਾ ਗੁਨਾਹ ਬਹੁਤ ਵੱਡਾ ਹੈ, ਕੁਝ ਵੀ ਕਰਕੇ ਭੁੱਲਿਆ ਨਹੀਂ ਜਾ ਸਕਦਾ, ਹਾਂ ਜੇਕਰ ਗੁਨਾਹ ਤੋਂ ਵੱਡਾ ਕੋਈ ਚੰਗਾ ਪੁੰਨੀ ਕੰਮ ਕਰਨ ਤਾਂ ਗੁਰੂ ਪੰਥ ਬਖ਼ਸ਼ ਸਕਦਾ ਹੈ। ਅਕਾਲ ਤਖ਼ਤ ਸਾਹਿਬ ਦੇ ਹਮਲੇ ਅਤੇ ਸਿੱਖਾਂ ਦੀ ਨਸਲਕੁਸ਼ੀ ਦੇ ਗੁਨਾਹ ਧੋਣ ਲਈ ਉਹ ਵੱਡਾ ਪੁੰਨ ਕਿਹੜਾ ਹੋਏ, ਸੋਚਣਾ ਔਖਾ ਹੈ। ਜੇ ਇਹ ਕਾਂਗਰਸੀ ਆਪਣੇ ਆਕਾਵਾਂ ਦੀ ਨਿਖੇਧੀ ਕਰਕੇ, ਸਿੱਖ ਪੰਥ ਨੂੰ ਪ੍ਰਭੂਸੱਤਾ ਹਾਸਲ ਕਰਨ ਵਿੱਚ ਨਾਲ਼ ਖੜਨ, ਸ਼ਾਇਦ ਪੰਥ ਮੁਆਫ਼ ਕਰ ਦਵੇ ਪਰ ਭੁੱਲ ਫੇਰ ਵੀ ਨਹੀਂ ਸਕਦੇ ਨਾ ਭੁੱਲਣਾ ਚਾਹੀਦਾ। ਇਸ ਤੋਂ ਉਰੇ ਮੁਆਫ਼ੀ ਜਾਂ ਨਰਮਾਈ ਦੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ।
ਕਾਂਗਰਸ, ਬਾਦਲ ਦਲ, ਆਪ, ਪੰਜਾਬ ਪੁਲਸ ਜਾਂ ਕੋਈ ਵੀ ਹੋਰ ਭਾਰਤੀ ਸੰਸਥਾ ਹੋਵੇ, ਸਿੱਖਾਂ ਨਾਲ਼ ਅਤੇ ਪੰਥ ਨਾਲ਼ ਹਮਦਰਦੀ ਰੱਖਣ ਵਾਲ਼ੇ ਬੰਦੇ ਮੌਜੂਦ ਸੀ, ਹਨ ਅਤੇ ਰਹਿਣਗੇ। ਕਦੇ ਪੂਰਾ ਸੋਕਾ ਨਹੀਂ ਪੈਂਦਾ ਹੁੰਦਾ ਪਰ ਅਸਲ ਪਰਖ ਉਦੋਂ ਹੁੰਦੀ ਜਦ ਗੁਰੂ ਪੰਥ ਅਤੇ ਮਨੁੱਖੀ ਦੇਸ਼ ਜਾਂ ਸਵਿਧਾਨ 'ਚੋਂ ਇੱਕ ਦੀ ਚੋਣ ਕਰਨੀ ਪੈਂਦੀ। ਪਰਖ ਉਦੋਂ ਹੁੰਦੀ ਜਦੋਂ ਦਿੱਲੀ ਅਤੇ ਅਕਾਲ ਤਖ਼ਤ ਵਿੱਚੋਂ ਇੱਕ ਦੀ ਉੱਤਮਤਾ ਚੁਣਨੀ ਪੈਂਦੀ ਹੈ। ਇਹ ਦਲੇਰੀ ਖੁੱਲ੍ਹ ਕੇ ਥੋੜੇ ਲੋਕ ਹੀ ਕਰ ਸਕਦੇ ਹਨ, ਬਾਕੀ ਸਭ ਸਮੇਂ ਅਤੇ ਹਵਾ ਨਾਲ਼ ਚੱਲਣ ਵਾਲ਼ੇ ਹੁੰਦੇ ਹਨ।
ਹੁਣ ਗੱਲ ਅਕਾਲੀ ਦਲ ਦੀ ਕਰੀਏ ਤਾਂ ਇਹ ਸਿੱਖਾਂ ਦੀ ਇੱਕੋ ਇੱਕ ਨਿਰੋਲ ਪੰਥਕ ਪਾਰਟੀ ਰਹੀ ਹੈ ਜੋ ਕਾਂਗਰਸ, ਬੀਜੇਪੀ ਅਤੇ ਆਪ ਨਹੀਂ ਹਨ। ਸਿੱਖਾਂ ਕੋਲ਼ ਧਰਾਮਿਕ ਅਗਵਾਈ ਲਈ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਰਾਜਨੀਤਕ ਅਗਵਾਈ ਲਈ ਅਕਾਲੀ ਦਲ। ਭਾਰਤੀ ਨਿਜ਼ਾਮ ਨੂੰ ਇਹ ਹਮੇਸ਼ਾ ਤੋਂ ਰੜਕਦੇ ਸਨ। ਇਸ ਲਈ ਇਨ੍ਹਾਂ ਨੂੰ ਉਹਨਾਂ ਬਾਦਲ ਦੇ ਰੂਪ ਵਿੱਚ ਸਿੱਖ ਦੋਖੀ ਲੱਭ ਆਪਣੇ ਕਬਜ਼ੇ ਹੇਠ ਕੀਤਾ। ਹੁਣ ਬਾਦਲ ਰਾਹੀਂ ਹੀ ਉਸ ਅਕਾਲੀ ਦਲ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹਨ, ਜਿਵੇਂ ਬਾਕੀ ਅਕਾਲੀ ਦਲ ਕੀਤੇ ਹਨ। ਜੇ ਸਿੱਖਾਂ ਦੀ ਰਾਜਸੀ ਨੁਮਾਇੰਦਗੀ ਕਰਨ ਵਾਲ਼ੀ ਪਾਰਟੀ ਖ਼ਤਮ ਹੁੰਦੀ ਹੈ ਤਾਂ ਭਾਰਤ ਦੀਆਂ ਰਾਸ਼ਟਰਵਾਦੀ ਪਾਰਟੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਧੇ ਰੂਪ ਵਿੱਚ ਆਪਣੇ ਹੱਥ ਲੈਣ ਦਾ ਮੌਕਾ ਮਿਲਦਾ ਹੈ।
ਭਾਂਵੇ 'ਕਾਲੀ ਦਲ ਬਾਦਲ' ਦਾ ਖ਼ਤਮ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਅਸਲ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਹਿਮ ਹੈ, ਪਰ ਕੀ ਸਿੱਖ, ਸਿੱਖ ਆਗੂ ਅਤੇ ਜਥੇਬੰਦੀਅਾਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਤਿਆਰ ਹਨ? ਜੇਕਰ ਆਉਂਦੇ ਸਮੇਂ ਵਿੱਚ ਬਾਦਲ ਪੰਜਾਬ ਦੀ ਰਾਜਨੀਤੀ ਦੇ ਦ੍ਰਿਸ਼ ਤੋਂ ਪਾਸੇ ਹੁੰਦੇ ਹਨ ਤਾਂ ਉਹ ਥਾਂ ਭਰਨ ਲਈ ਕੋਈ ਨੀਤੀ ਜਾਂ ਸਲਾਹ ਹੈ? ਜੇਕਰ ਨਹੀਂ ਤਾਂ ਖਾਲੀ ਥਾਂ ਕਿਸੇ ਨਾ ਕਿਸੇ ਤਾਂ ਭਰਨੀ ਹੀ ਹੈ।
੨੦੧੭ ਦੀਆਂ ਵੋਟਾਂ ਤੋਂ ਪਹਿਲਾਂ ਇਹ ਗੱਲ ਉੱਡੀ ਸੀ ਕਿ ਕੈਪਟਨ ਭਾਜਪਾ ਵਿੱਚ ਜਾ ਸਕਦਾ ਹੈ ਪਰ ਉਲਟਾ ਸਿੱਧੂ ਕਾਂਗਰਸ ਵਿੱਚ ਆ ਗਿਆ। ਜਿਹੜਾ ਕੈਪਟਨ ਸਿੱਖ ਟਾਇਟਲਰ ਵਰਗੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਨੂੰ 'ਕਲੀਨ ਚਿੱਟ' ਦਿੰਦਾ ਸੀ, ਹੁਣ ਉਨ੍ਹਾਂ ਦਾ ਨਾਮ ਲੈ ਕੇ ਦੋਸ਼ੀ ਗਰਦਾਨ ਰਿਹਾ ਹੈ, ਸੋ ਇਹ ਗੱਲਾਂ ਬੜੇ ਸੰਕੇਤ ਦਿੰਦੀਆਂ ਹਨ। ਸਿੱਧੂ ਦਾ ਪਿਛੋਕੜ ਇਸ ਵਿੱਚ ਕੋਈ ਭਰਮ ਨਹੀਂ ਰਹਿਣ ਦਿੰਦਾ ਕਿ ਉਹ ਪੱਕਾ ਕੇਸਾਧਾਰੀ ਹਿੰਦੂ ਹੈ ਅਤੇ ਕੈਪਟਨ ਵੀ ਮੀਡੀਆ ਵਿੱਚ ਕਹਿ ਚੁੱਕਾ ਹੈ ਕਿ ਸਿੱਖ ਹਿੰਦੂ ਨਹੀਂ ਤਾਂ ਕੀ ਹਨ। ਇਸ ਤਰ੍ਹਾਂ ਜਨ ਸੰਘ ਕੋਲ਼ ਸਿੱਧੂ ਅਤੇ ਕੈਪਟਨ ਰੂਪੀ ਦੋ ਵੱਡੇ ਕੇਸਾਧਾਰੀ ਹਿੰਦੂ ਮੌਜੂਦ ਹਨ ਜੋ ਭਾਜਪਾ ਦੀ ਅਗਵਾਈ ਕਰ ਸਕਦੇ ਹਨ। ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਕਾਂਗਰਸ ਨਾਲੋਂ ਕੈਪਟਨ ਦੀ ਪੈੜ ਨੱਪਣ ਵਿੱਚ ਯਕੀਨ ਰੱਖਦੇ ਹਨ। ਅਜਿਹੇ ਵਿੱਚ ਇਹ ਸੰਭਵ ਹੈ ਕਿ ਜਨ ਸੰਘ ਸਿੱਧੂ-ਕੈਪਟਨ ਰਾਹੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾ ਸਿੱਖ ਸਫ਼ਾਂ ਵਿੱਚ ਇਹਨਾਂ ਨੂੰ 'ਨਾਇਕ' ਬਣਾ, ਅਕਾਲੀ ਦਲ ਨੂੰ ਪੰਜਾਬ ਵਿੱਚੋਂ ਖ਼ਤਮ ਕਰਕੇ, ਖਾਲੀ ਬਣੀ ਥਾਂ ਸਿੱਧੂ ਅਤੇ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਾਜਪਾ ਨਾਲ਼ ਭਰ ਸਕਦੀ ਹੈ। ਇਉਂ ਸਿੱਖਾਂ ਨੂੰ ਗੈਰ-ਕਾਂਗਰਸੀ ਅਤੇ ਸਿੱਖ ਹਿਤੈਸ਼ੀ (ਸਿੱਧੂ ਅਤੇ ਕੈਪਟਨ) ਪਾਰਟੀ ਮਿਲ ਸਕਦੀ ਹੈ ਜਿਸਦੇ ਜਾਲ਼ ਵਿੱਚ ਨਾ ਫਸਣ ਲਈ ਉਹਨਾਂ ਕੋਲ਼ ਕੋਈ ਦਿਸਦਾ ਵੱਡਾ ਕਾਰਨ ਨਹੀਂ ਹੋਵੇਗਾ।
ਮੌਜੂਦਾ ਸਮੇਂ ਭਾਜਪਾ ਦੀ ਭਾਰਤ ਦੇ ੧੬ ਸੂਬਿਆਂ ਵਿੱਚ ਬਹੁਮੱਤ ਹੈ ਅਤੇ ਪੰਜ ਸੂਬਿਅਾਂ ਵਿੱਚ ਸਰਕਾਰ ਵਿੱਚ ਭਾਈਵਾਲੀ ਹੈ। ਦੱਖਣ ਭਾਰਤ ਨੂੰ ਛੱਡ ਕੇ ਹਰ ਪਾਸੇ ਭਾਜਪਾ ਦਾ ਬੋਲਬਾਲਾ ਹੈ, ਖ਼ਾਸ ਕਰਕੇ ਉੱਤਰ ਵਿੱਚ। ਸਿਰਫ਼ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਭਾਜਪਾ ਆਪਣੇ ਪੈਰ ਲਾਉਣ ਵਿੱਚ ਸਫ਼ਲ ਨਹੀਂ ਹੋ ਸਕੀ। ਜਦਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਆਖਣ ਵਾਲ਼ੇ ਸਵਿਧਾਨ ਦੀ ਇਸ ਮਨੌਤ ਦੀ ਪੂਰਤੀ ਕਰਨ ਲਈ ਪੰਜਾਬ ਨੂੰ ਸਿੱਧੇ ਰੂਪ ਵਿੱਚ ਹੱਥ 'ਚ ਲੈਣਾ ਭਾਜਪਾ ਲਈ ਸਭ ਤੋਂ ਅਹਿਮ ਹੈ। ਅਜਿਹੇ ਵਿੱਚ ਭਾਜਪਾ ਹਰ ਹਾਲ ਪੰਜਾਬ ਉੱਤੇ ਕਾਬਜ਼ ਹੋਣਾ ਚਾਹੇਗੀ।
ਇਹ ਸਭ ਕਰਨ ਲਈ ਜੇਕਰ ਭਾਜਪਾ ਨੂੰ ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਸੁਮੇਧ ਸੈਣੀ, ਬਾਦਲ ਅਤੇ ਹੋਰ ਸਭ ਨੂੰ ਵੀ ਫਾਂਸੀ ਦੇਣੀ ਪਵੇ ਤਾਂ ਉਹ ਦੇ ਸਕਦੇ ਹਨ। ਜੇ ਚੌਰਾਸੀ ਦਾ ਐਡਾ ਵੱਡਾ ਘੱਲੂਘਾਰਾ ਕੁਝ ਕੁ ਲੋਕਾਂ ਜਾਂ ਇੱਕ ਅੱਧ ਧਿਰ ਦੇ ਖਾਤੇ ਪਾਕੇ ਉਹਨਾਂ ਨੂੰ ਸਿੱਖਾਂ ਨੂੰ ਬੁੱਕਲ਼ ਵਿੱਚ ਲੈ ਕੇ ਜਜ਼ਬ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦਾ ਦੇਸ਼ ਟੁੱਟਣੋਂ ਬਚਦਾ ਹੈ, ਤਾਂ ਇਹ ਸੌਦਾ ਉਹਨਾਂ ਲਈ ਬੜਾ ਸਸਤਾ ਅਤੇ ਲਾਭਦਾਇਕ ਹੈ। ਬ੍ਰਿਗੇਡੀਅਰ ਆਰ ਪੀ ਸਿੰਘ ਵੱਲੋਂ ਜਾਗਰਣ ਦੇ ਪੰਜਾਬੀ ਅਖ਼ਬਾਰ ਵਿੱਚ ਚੌਰਾਸੀ ਦੇ ਦੋਖੀਆਂ ਨੂੰ ਸਜ਼ਾ ਦੇਣ ਦੇ ਨਾਲ਼-ਨਾਲ਼ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਦਿੱਤੇ ਜਾਣੇ ਚਾਹੀਦੇ ਹਨ। ਨਾਲ਼ ਹੀ ਉਸਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਵੀ ਹੱਲ ਕਰਨ ਬਾਰੇ ਕਿਹਾ ਹੈ।
ਪੰਜਾਬ ਦੇ ਮੌਜੂਦਾ ਰਾਜਨੀਤਕ ਹਲਾਤ ਨੂੰ ਵਾਚਿਆਂ ਭਾਂਵੇ ਵੱਖ-ਵੱਖ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ, ਪਰ ਇੰਝ ਵੀ ਹੋ ਸਕਦਾ ਕਿ ਇਹ ਸਭ ਵਕਤੀ ਗੁਬਾਰ ਵੀ ਹੋਵੇ ਅਤੇ ਧਰਾਤਲ ਉੱਤੇ ਕੋਈ ਵੱਡੀ ਤਬਦੀਲੀ ਨਾ ਵਰਤੇ। ਅਜਿਹੇ ਵਿੱਚ ਇਹ ਸਭ ਸੋਚਣਾ ਦਿਮਾਗੀ ਕਸਰਤ ਹੀ ਹੈ, ਪਰ ਇਹ ਜ਼ਰੂਰੀ ਹੈ। ਸਾਨੂੰ ਵੱਖ-ਵੱਖ ਅਨੁਮਾਨ ਲਾਉਣੇ ਚਾਹੀਦੇ ਹਨ ਅਤੇ ਹਰ ਕਿਸਮ ਦੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਂ ਇੱਕ ਗੱਲ ਸਿੱਖਾਂ ਨੂੰ ਪੱਕੀ ਧਾਰ ਲੈਣੀ ਚਾਹੀਦੀ ਹੈ ਜਦ ਤੱਕ ਚੌਰਾਸੀ ਦੇ ਕਾਰਨ ਜਿਉਂ ਦੇ ਤਿਉਂ ਹਨ, ਉਦੋਂ ਤੱਕ ਚੌਰਾਸੀ ਦਾ ਇਨਸਾਫ਼ ਮਿਲ ਜਾਣਾ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਚੌਰਾਸੀ ਦੁਬਾਰਾ ਨਹੀਂ ਵਾਪਰੇਗੀ। ਇਵੇਂ ਹੀ ਪੰਜਾਬੀ ਬੋਲਦੇ ਇਲਾਕੇ ਮਿਲ ਜਾਣਾ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਸਾਡੀ ਬੋਲੀ, ਸੱਭਿਆਚਾਰ, ਧਰਮ ਅਤੇ ਇਤਿਹਾਸ ਸੁਰੱਖਿਅਤ ਹਨ। ਚੌਰਾਸੀ ਕੋਈ ਸਮੱਸਿਆ ਨਹੀਂ, ਨਾ ਹੀ ਪੰਜਾਬ ਦਾ ਵਿਕਾਸ, ਆਰਥਿਕਤਾ, ਬੇਰੁਜ਼ਗਾਰੀ ਜਾਂ ਨਸ਼ੇ ਕੋਈ ਸਮੱਸਿਆਵਾਂ ਹਨ, ਬਲਕਿ ਇਹ ਤਾਂ ਸਮੱਸਿਆ ਦੇ ਨਤੀਜੇ ਹਨ, ਸਾਡੀ ਸਮੱਸਿਆ ਸਾਡੇ ਕੋਲ਼ ਸਾਡੀ ਖ਼ੁਦਮੁਖ਼ਤਿਆਰੀ ਨਾ ਹੋਣਾ ਹੈ। ਜਿਸ ਦਿਨ ਅਸਾਂ ਗੁਰੂ ਦਾ ਇਹ ਬਚਨ ਸਮਝ ਲਿਆ, ਸਾਨੂੰ ਮਸਲੇ ਵੀ ਸਮਝ ਆਉਂਦੇ ਜਾਣਗੇ:
ਰਾਜ ਬਿਨਾ ਨਹਿ ਧਰਮ ਚਲੇ ਹੈਂ ॥ ਧਰਮ ਬਿਨਾ ਸਭ ਦਲੇ ਮਲੇ ਹੈਂ ॥
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਜਸਿਪ੍ਰੀਤ ਸਿੰਘ