ਭਾਈ ਕੁਲਵੰਤ ਸਿੰਘ ਜੀ ਬੱਬਰ
/ਮ:੩॥
ਕਿਆਜਾਣਾਕਿਵਮਰਹਗੇਕੈਸਾਮਰਣਾਹੋਇ॥
ਜੇਕਰਿਸਾਹਿਬੁਮਨਹੁਨਵੀਸਰੈਤਾਸਹਿਲਾਮਰਣਾਹੋਇ॥
ਮਰਣੈਤੇਜਗਤੁਡਰੈਜੀਵਿਆਲੋੜੈਸਭੁਕੋਇ॥
ਗੁਰਪਰਸਾਦੀਜੀਵਤੁਮਰੈਹੁਕਮੈਬੂਝੈਸੋਇ॥
ਨਾਨਕਐਸੀਮਰਨੀਜੋਮਰੈਤਾਸਦਜੀਵਣੁਹੋਇ॥੨॥
ਗੁਰੂ ਸਾਹਿਬ ਦੀ ਕਿਰਪਾ ਸਦਕਾ ਕੁਝ ਦਿਨ ਪਹਿਲਾਂ ਗੁਰਪੁਰ ਵਾਸੀ ਭਾਈ ਕੁਲਵੰਤ ਸਿੰਘ ਜੀ ਬੱਬਰ ਦੇ ਅੰਤਮ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਮਹਾਨ ਯੋਧੇ ਦੇ ਸ਼ੰਘਰਸ਼ਮਈ ਜੀਵਨ ਨੂੰ ਸ਼ਰਧਾਂਜਲੀ ਦੇ ਫੁਲ ਭੇਟ ਕਰਨ ਦਾ ਮੌਕਾ ਨਸੀਬ ਹੋਇਆ। ਭਾਈ ਸਾਹਿਬ ਦੇ ਬਹੁਪੱਖੀ ਜੀਵਨ ਅਤੇ ਸੰਘਰਸ਼ ਲਈ ਦਿੱਤੀਆਂ ਅਨੇਕ ਸੇਵਾਵਾਂ ਨੂੰ ਜੇ ਵਿਸਥਾਰ ਨਾਲ ਕਲਮਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲਿਖਦਿਆਂ ਸਿਆਹੀ ਮੁੱਕ ਜਾਵੇਗੀ ਪਰ ਉਹਨਾਂ ਦੀ ਸਿਫਤ ਅਤੇ ਦੇਣ ਦੀ ਗੱਲ ਪੂਰੀ ਨਹੀਂ ਹੋਵੇਗੀ।ਪੁਰਾਤਨ ਬੱਬਰਾਂ ਦੀ ਝਲਕ ਭਾਈ ਸਾਹਿਬ ਦੇ ਜੀਵਨ ਤੋਂ ਸਾਫ ਮਿਲਦੀ ਸੀ: ਉਹੀ ਨਿਰਮਲ ਜਜ਼ਬਾ, ਕੁਰਬਾਨੀ ਲਈ ਚਾਅ, ਨਾਮ ਬਾਣੀ ਦਾ ਪ੍ਰਵਾਹ, ਅਤੇ ਰਹਿਣੀ ਬਹਿਣੀ ਵਿੱਚ ਪਰਪੱਕਤਾ।
ਪਰ ਭਾਈ ਸਾਹਿਬ ਦੇ ਜੀਵਨ ਦੇ ਕੁਝ ਖਾਸ ਪਹਿਲੂ ਅਜਿਹੇ ਹਨ ਜੋ ਪਿਛਲੇ ਕਈ ਦਿਨਾਂ ਤੋਂ ਮੇਰੇ ਮਨ ਵਿੱਚ ਵਾਰ ਵਾਰ ਘੁੰਮਦੇ ਰਹੇ ਅਤੇ ਜੋ ਉਹਨਾਂ ਦੇ ਇਸ ਦੁਨੀਆਂ ਤੋਂ ਕੂਚ ਕਰ ਜਾਣ ਦੇ ਸਦਮੇ ਨੂੰ ਇੱਕ ਉਤਸ਼ਾਹ ਵਿੱਚ ਤਬਦੀਲ ਕਰਦੇ ਹਨ। ਸਿਰਫ ਉਤਸ਼ਾਹ ਹੀ ਨਹੀਂ ਪਰ ਜੋ ਉਹਨਾਂ ਦੇ ਕੌਮੀ ਅਜ਼ਾਦੀ ਦਾ ਜੀਵਨ ਮਨੋਰਥ ਰਿਹਾ ਉਸ ਦੀ ਪੂਰਤੀ ਲਈ ਮਾਰਗ ਵੀ ਰੌਸ਼ਨ ਹੁੰਦਾ।ਇਹ ਦੁਨੀਆਵੀ ਜੀਵਨ ਯਾਤਰਾ ਭਾਵੇਂ ਸਮਾਪਤ ਹੋ ਚੁੱਕਾ ਪਰ ਉਹਨਾਂ ਦੀ ਜੀਵਨ ਘਾਲਣਾ ਵਿੱਚ ਨੌਜਵਾਨਾਂ ਲਈ ਬਹੁਤ ਕੁਝ ਸਮਾਇਆ ਹੋਇਆ ਹੈ। ਭਾਈ ਸਾਹਿਬ ਨੇ ਸਾਡੇ ਸੀਨਿਆ ਵਿੱਚ ਅੰਗਿਆਰ ਨੂੰ ਸੇਕ ਹੀ ਨਹੀਂ ਦਿੱਤਾ ਬਲਕਿ ਉਸ ਮਚਦੀ ਭਾਂਬੜ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਕੇ ਮਿਸਾਲ ਵੀ ਪੈਦਾ ਕੀਤੀ।
ਇਹੋ ਜਿਹੀਆਂ ਨਿਰਮਲ ਰੂਹਾਂ ਨੂੰ ਦੁਨੀਆ ਤੋਂ ਅਲਵਿਦਾ ਕਹਿਣਾ ਗੁਰਮੁਖਾਂ ਲਈ ਹਮੇਸ਼ਾਂ ਵਧਾਈ ਵਾਲੀ ਗੱਲ ਰਹੀ ਹੈ।ਫਖਰ ਹੁੰਦਾ ਹੈ ਕਿ ਇਹੋ ਜਿਹੀ ਰੂਹ ਦੇ ਪਰਛਾਵੇਂ ਹੇਠ ਕੁਝ ਪਲ ਬਿਤਾਉਣ ਦਾ ਸੁਭਾਗ ਮਿਲਿਆ। ਜਿੱਥੇ ਇੱਕ ਵੀਰ ਲਈ ਖੁਸ਼ੀ ਹੁੰਦੀ ਹੈ ਉਥੇ ਸਿੱਖਿਆ ਅਤੇ ਉਤਸ਼ਾਹ ਵੀ ਮਿਲਦਾ ਕਿ ਉਹਨਾਂ ਵਾਂਗ ਇਸ ਦੁਨੀਆ ਨੂੰ ਮਾਣ ਨਾਲ ਛੱਡ ਦਈਏ। ਗੁਰਮੁਖ ਦੇ ਚਲਾਣੇ 'ਤੇ ਕੋਈ ਅਫਸੋਸ ਨਹੀਂ ਹੁੰਦਾ ਸਗੋਂ ਸਕੂਨ ਮਿਲਦਾ ਕਿ ਸਾਡਾ ਵੀਰ ਗੁਰੂ ਚਰਨਾ ਵਿੱਚ ਬਿਰਾਜ ਗਿਆ। ਆਪਣੇ ਕੌਮੀ ਫਰਜ਼ ਨਿਭਾਏ ਅਤੇ ਗੁਰਪੁਰੀ ਸਿਧਾਰ ਗਿਆ।ਆਪਣੇ ਜੀਵਾਨ ਦੌਰਾਨ ਬੇਅੰਤ ਕੁਰਬਾਨੀਆਂ ਅਤੇ ਸੇਵਾ ਰਾਹੀਂ ਕੌਮੀ ਅਜ਼ਾਦੀ ਦੀ ਸ਼ਮ੍ਹਾਂ ਨੂੰ ਜਗਦੀ ਰੱਖਿਆ ਅਤੇ ਇੱਕ ਚਲਦੀ ਨਦੀ ਵਾਂਗ ਉਹਨਾਂ ਦੀ ਰੂਹ ਆਪਣੀ ਮੂਲ ਸ੍ਰੋਤ ਵਿੱਚ ਜਾ ਰਲੀ ਹੈ। "ਐਸੀਮਰਨੀਜੋਮਰੈ" ਵਾਲੀ ਗੱਲ ਨੂੰ ਅਜਿਹੇ ਵੀਰ ਪਰਤੱਖ ਜਿਉਂਦੇ ਹਨ ਅਤੇ ਇਸ ਪ੍ਰਕਾਰ ਸਾਨੂੰ ਆਵਦੇ ਜੀਵਨ ਬਾਰੇ ਅਤੇ ਸੁਆਸਾਂ ਦੀ ਬਚੀ ਪੂੰਜੀ ਬਾਰੇ ਸੁਚੇਤ ਕਰਦੇ ਹਨ।
ਉਹਨਾਂ ਦੇ ਅਖੀਰਲੇ ਸਮ੍ਹੇ ਬਾਰੇ ਸੁਣ ਕੇ ਯਾਦ ਆਉਂਦਾ ਕਿ ਸਾਡਾ ਸਮੁੱਚਾ ਜੀਵਨ ਮੌਤ ਦੀ ਹੀ ਤਿਆਰੀ ਕਰਨ ਲਈ ਇੱਕ ਪੰਧ ਹੈ। ਜਿਸ ਚੜਦੀਕਲਾ ਅਤੇ aੱੱਚੀ ਸੁਰਤ ਨਾਲ ਭਾਈ ਸਾਹਿਬ ਨੇ ਦੁਨੀਆਂ ਨੂੰ ਵਿਦਾਇਗੀ ਦਿੱਤੀ ਇਹ ਉਹਨਾਂ ਦੇ ਸਮੁੱਚੀ ਜੀਵਨ ਦੀ ਇੱਕ ਝਾਤੀ ਸੀ। ਜਿਹੜੇ ਗੁਰਮੁਖ ਨਾਮ ਦੇ ਰੰਗ ਵਿੱਚ ਰੰਗੇ ਅਲਵਿਦਾ ਕਹਿੰਦੇ ਹਨ - ਇਹ ਅਚਾਨਕ ਕਰਿਸ਼ਮਾ ਨਹੀਂ ਸਗੋਂ ਉਹਨਾਂ ਦੇ ਜੀਵਨ ਦੌਰਾਨ ਘਾਲੀ ਹੋਈ ਘਾਲਣਾ ਦੇ ਹੀ ਫਲ ਹੁੰਦੇ ਹਨ। ਗੁਰੂ ਨੂੰ ਸੀਸ ਅਰਪਣ ਕਰਕੇ ਇੱਕ-ਇੱਕ ਕਦਮ, ਇੱਕ-ਇੱਕ ਸਾਹ, ਅਤੇ ਇੱਕ-ਇੱਕ ਕੀਤਾ ਕਰਮ ਆਪਣੀ ਮੌਤ ਵਲ ਘਟਦੇ ਫਾਸਲੇ ਨੂੰ ਭਾਈ ਸਾਹਿਬ ਵਰਗੇ ਗੁਰੂ ਨੂੰ ਹੀ ਸਭ ਕੁਝ ਲੇਖੇ ਲਾ ਕੇ ਮਰਜੀਵੜੇ ਬਣ ਜਾਂਦੇ ਹਨ।
ਇਹ ਇੱਕ ਸਚਿਆਈ ਹੈ ਕਿ ਅੱਜ ਦੁਨੀਆ ਦੇ ਕੋਨੇ ਕੋਨੇ 'ਤੇ ਅਜਿਹੇ ਵੀਰ ਭੈਣ ਮੌਜੂਦ ਹਨ ਜਿਨ੍ਹਾਂ ਨੇ ਚਲ ਰਹੇ ਅਜ਼ਾਦੀ ਦੇ ਸੰਘਰਸ਼ ਵਿੱਚ ਵਧ ਚੜ ਕੇ ਯੋਗਦਾਨ ਪਾਉਣ ਲਈ ਆਪਣੀ ਜਵਾਨੀ ਕੌਮ ਦੇ ਲੇਖੇ ਲਾਈ ਅਤੇ ਪਿੰਡੇ 'ਤੇ ਸੰਘਰਸ਼ ਹੰਢਾਇਆ। ਇਨ੍ਹਾਂ ਦੀਆਂ ਅੱਖਾਂ ਵਿੱਚ, ਬੁੱਢੇ ਹੱਡੀਆਂ ਵਿੱਚ ਅਤੇ ਦਿਲਾਂ ੳੱਤੇ ਕੌਮੀ ਸੰਘਰਸ਼ ਦਾ ਇਤਿਹਾਸ ਗੂੜ੍ਹੇ ਅੱਖਰਾਂ ਵਿੱਚ ਉੱਕਰਿਆ ਗਿਆ।
ਅਜਿਹੇ ਅਣਗਿਣਤ ਵੀਰ ਸਾਡੇ ਸਫਾਂ ਵਿੱਚ ਅਜੇ ਵਿਚਰਦੇ ਹਨ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਸਰਕਾਰੀ ਕਤਲੋਗਾਰਤ 'ਤੇ ਕੌਮੀ ਬੇਪਤੀ ਦੇ ਦਰਦਨਾਕ ਮੰਜਰ ਅੱਜ ਤੱਕ ਘੁੰਮਦੇ ਹਨ। ਜਿਨ੍ਹਾਂ ਦਿਆਂ ਕੰਨਾਂ ਵਿੱਚ ਆਪਣੇ ਸ਼ਹੀਦ ਹੋਏ ਸਾਥੀਆਂ ਨਾਲ ਕੀਤੇ ਵਾਹਦੇ ਅੱਜ ਤੱਕ ਗੂੰਜਦੇ ਹਨ। ਅਤੇ ਜਿਨ੍ਹਾਂ ਨੇ ਅੱਜ ਤੱਕ ਆਪਣੇ ਸੀਨਿਆਂ ਵਿੱਚ ਤਪਦੀ ਭੱਠੀ ਵਾਂਗ ਕੌਮੀ ਅਜ਼ਾਦੀ ਲਈ ਜੂਝ ਮਰਨ ਦਾ ਜਜ਼ਬਾ ਜਗਾਈ ਰੱਖਿਆ।
ਇਹਨਾਂ ਮਰਜੀਵੜਿਆਂ ਵਿੱਚੋਂ ਭਾਈ ਕੁਲਵੰਤ ਸਿੰਘ ਜੀ ਬੱਬਰ ਇੱਕ ਸਨ।
ਸਾਡੇ ਜਿੰਦਗੀ ਦੌਰਾਨ ਕਈ ਮੌਕੇ ਆਉਂਦੇ ਹਨ ਜਦੋ ਅਸੀਂ ਨਿੱਜੀ ਅਤੇ ਪਰਿਵਾਰਕ ਹਿੱਤਾਂ ਤੋਂ ਉਪਰ ਉਠ ਕੇ ਪੰਥ ਨੂੰ ਪਹਿਲ ਦੇ ਕੇ ਸੇਵਾ ਕਰਨ ਦਾ ਫੈਸਲਾ ਲੈ ਸਕਦੇ ਹਾਂ। ਪਰ ਅਜਿਹੇ ਮੌਕਿਆਂ 'ਤੇ ਮੇਰੇ ਵਰਗੇ ਖੁਦਗਰਜ਼ ਪੈਰ ਪੈਰ 'ਤੇ ਨਿੱਜ ਨੂੰ ਮੁੱਖ ਰਖਦੇ ਹੋਏ ਕੁਝ ਮਜ਼ਬੂਰੀਆਂ ਜਾਂ ਸਮ੍ਹੇ ਦੀਆਂ ਹਲਾਤਾਂ ਦਾ ਬਹਾਨਾ ਲਾ ਕੇ ਪਰਿਵਾਰਕ ਜੀਵਨ ਵਿੱਚ ਮਸ਼ਰੂਫ ਰਹਿ ਜਾਂਦੇ ਹਨ।
ਪਰ ਭਾਈ ਸਾਹਿਬ ਵਰਗੇ ਪਹਾੜ ਜਿੱਡ੍ਹੇ ਜਿਗਰੇ ਵਾਲੇ ਧੰਨ ਹਨ ਜਿਨ੍ਹਾਂ ਦੀ ਰੂਹ ਵਿੱਚ ਕੁਰਬਾਨੀ ਦਾ ਜਜ਼ਬਾ ਵਸ ਜਾਂਦਾ ਹੈ ਅਤੇ ਹਰ ਮੌੜ 'ਤੇ ਫੈਸਲਾ ਲੈਣ ਲੱਗਿਆਂ ਉਹਨਾਂ ਦੀ ਆਤਮਾ "ਪੰਥ ਵਸੈ ਮੈ ਉਝੜਾਂ" ਪੁਕਾਰਦੀ ਹੈ। ਕੌਮੀ ਦਰਦ ਨਾਲ ਧੁਰ ਅੰਦਰੋਂ ਭਿੱਜੇ ਇਹੋ ਜਿਹੇ ਵੀਰ ਆਪਣੀ ਸਮੁੱਚੀ ਹੋਂਦ ਨੂੰ ਇਸ ਦਰਦ ਵਿੱਚ ਸਮਾ ਲੈਂਦੇ ਹਨ ਅਤੇ ਹਰ ਇੱਕ ਮੌਕੇ 'ਤੇ ਹਮੇਸ਼ਾਂ ਪੰਥ ਨੂੰ ਹੀ ਪਹਿਲ ਦਿੰਦੇ ਹਨ।
ਇਸ ਦਰਦ ਨਾਲ ਭਿੱਜੀ ਹੋਂਦ ਵਿੱਚੋਂ ਹੀ ਕੌਮੀ ਤਕਦੀਰ ਖੁਲਦੀ ਹੈ। ਜੇ ਆਪਾਂ ਸੰਘਰਸ਼ ਵਿੱਚ ਆਈ ਖੜੋਤ ਨੂੰ ਵਾਕਈ ਤੋੜਨ ਲਈ ਸੰਜੀਦੇ ਹਾਂ ਤਾਂ ਭਾਈ ਸਾਹਿਬ ਵਾਂਗ ਇਸ ਦਰਦ ਨੂੰ ਦਿਲੋਂ ਮਹਿਸੂਸ ਕਰਕੇ ਆਪਣਾ ਵਜੂਦ ਅੰਦਰ ਸਮਾਉਣਾ ਪਵੇਗਾ। ਤਾਂ ਹੀ ਸਤਿਗੁਰੂ ਦੀ ਕਿਰਪਾ ਨਾਲ ਸਾਥੋਂ ਵਿੱਛੜੇ ਵੀਰਾਂ ਦੇ ਹਾਣੀ ਬਣ ਸਕਾਂਗੇ 'ਤੇ ਉਹਨਾਂ ਦਿਆਂ ਮੋਢਿਆਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕ ਸਕਾਂਗੇ।
ਭਾਈ ਸਾਹਿਬ ਨੂੰ ਅਸਲ ਸ਼ਰਧਾਜਲੀ ਇਹੀ ਹੋਵੇਗੀ ਕਿ ਉਹਨਾਂ ਦੀ ਪੀੜ ਨੂੰ ਆਵਦਾ ਮਹਿਸੂਸ ਕਰੀਏ 'ਤੇ ਉਹਨਾਂ ਦੇ ਅਧੂਰੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸੁਹਿਰਦਤਾ ਨਾਲ ਸੰਘਰਸ਼ ਅੱਗੇ ਤੋਰਨ ਲਈ ਯਤਨਸ਼ੀਲ ਹੋਈਏ।
ਇਸ ਯੋਧੇ ਨੂੰ ਪ੍ਰਣਾਮ… ਜਿਸ ਨੇ ਸੰਘਰਸ਼ ਦੇ ਬਿਖੜੇ ਪੈਂਡੇ 'ਤੇ ਆਪ ਤੁਰਕੇ ਸਾਡਾ ਰਾਹ ਪੱਧਰਾ ਕਰਦਿਆਂ ਜੀਵਨ ਪੰਥ ਦੇ ਲੇਖੇ ਲਾ ਦਿੱਤਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਚਰਨ ਧੂੜ ਸਾਡੇ ਵਰਗਿਆਂ ਦੇ ਮੱਥਿਆਂ ਦੀ ਵੀ ਤਕਦੀਰ ਬਦਲੇ ਤਾਂ ਕਿ ਸਾਡੇ ਹਿੱਸੇ ਵੀ ਕੌਮ ਦੀ ਸੇਵਾ ਲਿੱਖੀ ਜਾਵੇ… ਅਤੇ ਸਾਡੇ ਮੋਢਿਆਂ 'ਤੇ ਉਹਨੇ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨੂੰ ਆਖਰੀ ਸੁਆਸਾਂ ਤੱਕ ਨਿਭਾਉਣ ਦਾ ਬਲ ਸਤਿਗੁਰੂ ਬਖਸ਼ਿਸ਼ ਕਰਨ…
ਪ੍ਰਭਜੋਤ ਸਿੰਘ (ਸਿੱਖ ਲਿਬਰੇਸ਼ਨ ਫਰੰਟ)